Monday, December 3, 2012

ਮੌਤ

ਚੜ੍ਹ ਬੁਰਜ ਤੋਂ ਛਾਲ ਮਾਰਤੀ
ਮੇਰੀ ਇੱਕਲੌਤੀ ਆਸ ਨੇ।
ਕੁੰਭੜਾ ਬਿਖ ਦਾ ਪੀ ਲਿਆ
ਮੇਰੀ ਜਨਮਾਂ ਦੀ ਪਿਆਸ ਨੇ।

ਪੱਤੇ ਵਾਅਦਿਆਂ ਵਾਲੇ ਝੜ ਗਏ
ਰੁੱਖ ਯਾਦਾਂ ਵਾਲੇ ਉਦਾਸ ਨੇ।
ਦਿਨ ਚੜਦੇ ਨੂੰ ਨੀਲਾ ਹੋ ਗਿਆ
ਰਾਤੀਂ ਲੜਿਆ ਨਾਗ ਆਕਾਸ਼ ਦੇ।


ਹੱਸਣ ਤੇ ਮੁਸਕਾਣ ਤੋਂ ਹੋਠਾਂ
ਲੈ ਲਏ ਸਨਿਆਸ ਨੇ।
ਖੌਰੇ ਕੀਹਦੀ ਦੀਦ ਨੂੰ ਜਾਗਦੇ
ਨੀਂਦਾਂ ਤੁਰ ਗਈਆਂ ਬਨਵਾਸ ਨੇ

ਜੋਕਾਂ ਭੁੱਖੀਆਂ ਮਾਰਤੀਆਂ,
ਲਾ ਯਾਰੀ ਮੇਰੇ ਮਾਸ ਨੇ।
ਰੱਤ ਸਾਰੇ ਦਾ ਸਾਰਾ ਪੀ ਲਿਆ
ਮੈਨੂੰ ਲੱਗੇ ਹਿਜ਼ਰ ਚੂਮਾਸ ਨੇ।

ਮੇਰੀ ਰੂਹ ਨੂੰ ਮਰਦਿਆਂ ਦੇਖਿਆ
ਮੇਰੀ ਅਪਣੀ ਹੀ ਲਾਸ਼ ਨੇ
ਮੈਂ ਓਨੀ ਵਾਰੀ ਮਰਿਆ ਹਾਂ
ਲਏ ਜਿੰਨੇ ਵੀ ਮੈ ਸਵਾਸ ਨੇ।

ਨਾ ਚੋਲੇ ਅਸਾਂ ਦੇ ਰੱਤੜੇ
ਨਾ ਕੰਤ ਅਸਾਂ ਦੇ ਪਾਸ ਨੇ
ਮੰਗਾਂ ਧੂੜ ਮੈਂ ਉਹਨਾਂ ਆਸ਼ਕਾਂ ਦੀ
ਜਿਹੜੇ ਇਸ਼ਕ 'ਚ ਸੱਤਿਆਨਾਸ਼ ਨੇ।

ਇੱਕ ਪੀੜ ਹਿਜ਼ਰ ਤੇਰਾ ਬਿਰਹੜਾ
ਮੇਰੇ ਹਿਰਦੇ ਦੇ ਆਯਾਸ ਨੇ
ਨੇਰਕੁੰਟ ਵਿੱਚ ਸੋਚ ਮੇਰੀ
ਇਹ ਤਿੰਨੋ ਹੀ ਪ੍ਰਕਾਸ਼ ਨੇ।

ਮੰਗੀ ਮੌਤ ਮਹਾਂ ਕਾਲ ਤੋਂ
ਅੱਜ ਸ਼ਾਇਰ ਦੀ ਅਰਦਾਸ ਨੇ।
ਕੀ ਲਿਖ ਰਿਹਾ ਸੰਧਿਆ ਵੇਲੇ
ਲੋਕੀਂ ਪੜ੍ਹਦੇ ਪਏ ਰਹਿਰਾਸ ਨੇ।

ਸਤਵੰਤ ਸਿੱਧੂ
ਸਾਧ ਜਟਾਵਾਂ ਵਾਲਾ

No comments:

Post a Comment