Monday, December 3, 2012

ਯਾਦਾਂ ਵਾਲੇ ਰੁੱਖ

ਯਾਦਾਂ ਵਾਲੇ ਰੁੱਖ ਨੂੰ ਪਾਏ
ਹੰਝੂਆ ਦੇ ਨਿੱਤਰੇ ਪਾਣੀ ਵੇ
ਪੀਲੇ ਹੋ ਹੋ ਝੜ ਗਏ ਪੱਤੇ
ਵਾਧਿਆ ਵਾਲੀ ਟਾਹਣੀ ਦੇ.

ਹਿੱਕ ਦੇ ਅੰਦਰ ਬਲਦੀ ਪਈ,
ਖਾਬਾ ਦੀ ਮੜੀ ਮਸਾਣੀ ਵੇ,
ਕਦੇ ਖਿੜਦੇ ਸੀ ਫ਼ੁੱਲ ਅਰਮਾਨੀ
ਅੱਜ ਧਰਤ ਦਿਲੀ ਸਮਸਾਣੀ ਵੇ,

ਹੁਣ ਤਾ ਹੋਠਾ ਮੇਰਿਆ ਨੇ
ਚੁੱਪ ਦੀ ਸੁਰਖੀ ਲਾਉਣੀ ਵੇ,
ਅੱਖੀਆ ਦੀ ਦਹਿਲੀਜ਼ ਅਸਾਂ
ਹੰਝੂਆ ਨਾਲ ਸਜਾਉਣੀ ਵੇ

ਜੋਬਨ ਦੀ ਹਿਜ਼ਰ ਤੇਰੇ ਦੇ ਸਦਕੇ
ਜੁਲਫ਼ ਜਟਾਵ ਬਨਾਉਣੀ ਵੇ
ਹਰ ਇੱਕ ਰੀਝ ਮੇਰੀ ਨੇ
ਜਿੰਦਗੀ ਵਿਧਵਾ ਵਾਗ ਲਗਾਉਣੀ ਵੇ.

ਸੰਗ ਗਮ ਦੇ ਸੋਰਸਰਾਬੇ
ਅਸਾਂ ਅਨਹਦ ਬਿਰਤੀ ਮਾਣੀ ਵੇ
ਸ੍ਵਾਸ ਗ੍ਰਾਸ ਹੀ ਵੱਸ ਗਈ
ਚੁੱਪ ਦੀ ਮੂਕ ਬਾਣੀ ਵੇ

ਜੁੱਠਾ ਟੁੱਕ ਹਿਜਰ ਦਾ ਖਾ
ਖੁਸੀਆ ਦੀ ਭੁੱਖ ਮਿਟਾਉਣੀ ਵੇ
ਲੈ ਚਰਨਾਮਤ ਚੁੱਲੂ ਹੰਜੂਆ ਦਾ
ਗਮ ਦੀ ਪਿਆਸ ਬੁਝਾਉਣੀ ਵੇ

ਸ਼ਗਨਾ ਦੀ ਰੱਤੀ ਚੁੰਨੀ ਦਾ
ਮੈ ਬੈਠੀ ਕੱਫ਼ਨ ਤਾਣੀ ਵੇ
ਤਨ ਦੀ ਚਾਦਰ ਹੰਡੀ ਵਰਤੀ
ਕਿਨੇ ਹੁਣ ਅਪਨਾਣੀ ਵੇ

ਮਨ ਬਨੇਰੇ ਉੱਤੇ ਰਹਿੰਦੀ
ਯਾਦਾਂ ਦੀ ਆਉਣੀ ਜਾਣੀ ਵੇ
ਪਾ ਬੈਠੀ ਰਹਿੰਦੀ ਔਂਸੀਆਂ
ਮੈਨੂੰ ਆਖਣ ਕਾਂਗ ਉਡਾਣੀ ਵੇ


ਅੱਡੀਆ ਚੁੱਕ ਲਿਆ ਇਸਕ ਦਾ ਫ਼ਾਹਾ
ਮੇਰੀ ਕੰਜਕ ਜਿੰਦ ਨਿਆਣੀ ਨੇ
ਵੇਖ ਕੇ ਹਸ਼ਰ ਮੋਹਬਤ ਦਾ
ਆਖੂ ਕੋਣ ਸਿਆਣੀ ਵੇ

ਮਨ ਦੇ ਮੰਦਰੀ ਕਲਸਾਂ ਉੱਤੇ
ਦੁੱਖਾਂ ਧੂੜ ਚੜਾਣੀ ਵੇ
ਤੇਰੇ ਵੀ ਸਾਹੀ ਰਲ ਗਏ ਹੋਕੇ
ਵੰਜਲੀ ਕਿੰਨੇ ਵਜਾਉਣੀ ਵੇ,

ਸਤਵੰਤ ਸਿੱਧੂ
ਸਾਧ ਜਟਾਵਾਂ ਵਾਲਾ

No comments:

Post a Comment