Monday, December 3, 2012

ਮੈ ਬਿਰਹਾ ਦੀ ਭਾਲ ਵਿੱਚ

ਮੈ ਬਿਰਹਾ ਦੀ ਭਾਲ ਵਿੱਚ
ਮੈ ਬਿਰਹਾ ਦੀ ਭਾਲ ਵਿੱਚ
ਚੀਕਾ ਦਾ ਜੰਗਲ ਫੋਲਿਆ
ਸਿਵਿਆ ਦੀ ਉੱਠਦੀ ਲਾਟ ਵਿੱਚ
ਤੜਫ਼ ਦੀ ਕਿਸੇ ਆਸ ਵਿੱਚ
ਅਕਾਸ਼ ਵਿੱਚ ਪਾਤਾਲ ਵਿੱਚ
ਮੈ ਬਿਰਹਾ ਦੀ ਭਾਲ ਵਿੱਚ


ਮੈ ਕਿਹੜਾ ਵਰਕਾ ਨਹੀ ਫ਼ੋਲਿਆ
ਸਿਰਨਾਵਾ ਬਿਰਹਾ ਦਾ ਟੋਲਿਆ
ਨਾ ਚੀਕਾ ਨੇ ਮੂੰਹੋ ਬੋਲਿਆ
ਨਾ ਪੀੜਾ ਨੇ ਬੂਹਾ ਖੋਲਿਆ
ਲੱਭਿਆ ਵਿਛੋੜੇ ਦੀ ਧੁੱਪ
ਵਿੱਚਵੈਣਾ ਦੇ ਸੰਘਣੇ ਰੁੱਖ ਵਿੱਚ
ਕਿਸੇ ਵਿਧਵਾ ਦੀ ਚੁੱਪ ਵਿੱਚ
ਕਿਸੇ ਬਾਝ ਦੀ ਕੁੱਖ ਵਿੱਚ
ਕਾਲ ਵਿੱਚ ਕੰਕਾਲ ਵਿੱਚ
ਮੈ ਬਿਰਹਾ ਦੀ ਭਾਲ ਵਿੱਚ


ਦਰਦ ਤੇ ਪੀੜਾ ਸੂੰਗਦਾ ਰਹਿੰਦਾ
ਇਧਰ ਉਧਰ ਗੁੰਮਦਾ ਰਹਿੰਦਾ
ਮੈ ਅਪਨੀ ਕਿਸਮ ਦਾ ਮਿਰਗ ਹਾ
ਬਿਰਹਾ ਮੇਰੀ ਕਸਤੂਰੀ ਹੈ
ਜੀਂਵਦਾ ਇਸ ਆਸ ਵਿੱਚ ਮਿਲੇਗਾ
ਦਰਦ ਸੋਗਾਤ ਵਿੱਚ
ਮੈ ਬਿਰਹਾ ਦੀ ਭਾਲ ਵਿੱਚ


ਮੇਰੀ ਸੱਭ ਤੋ ਪਹਿਲੀ ਰਚਨਾਂ
ਸਤਵੰਤ ਸਿੱਧੂ

ਕੁੱਖਾਂ

ਰੂਹਾਂ ਦਾ ਭਟਕਣਾ,
ਜਨਮ ਲਈ ਕੁਰਲਾਣਾ,
ਮਾਵਾਂ ਦੀਆ ਸੁੱਖਾਂ
ਕੁੱਖਾਂ ਵਿਚ ਸਮਾਣਾ,
ਜਿਵੇ ਕਿਸੇ ਰੁੱਖ ਤੇ
ਪੱਤੇ ਦਾ ਹੋਂਦ ਚਂ ਆਉਣਾ,

ਇੱਕ ਅਰੋਤ ਮੈ ਦੇਖੀ
ਬੱਚੇ ਲਈ ਸੁੱਖਦੀ ਸੁੱਖ,
ਚੂੰਗਾਉਣ ਦਾ ਸੁਪਣਾ ਸੇਕ ਸੇਕ ਕੇ,
ਸੁੱਕ ਗਈ ਓਹਦੀ ਕੁੱਖ,
ਛਾਵੇਂ ਮੇਰੀ ਕੋਈ ਨਾ ਬੈਠੇ
ਮੈ ਚੰਦਰਾ ਹਾ ਰੁੱਖ,
ਦੁਨਿਆ ਤੇ ਆਇਆ ਐਵੇ ਸੇਕਣ ਧੁੱਪ.


ਕੁੱਖਾਂ ਦੇ ਵਿਚ ਪੁੱਤ,
ਕੁੱਖਾਂ ਦੇ ਵਿਚ ਕੁੱਖ,
ਰੁੱਖਾਂ ਨੇ ਧੁੱਪ,
ਕੁੱਖਾਂ ਨੇ ਕੁੱਖ,
ਤੋ ਜੇਕਰ ਹੈ ਘਬਰਾਣਾ,
ਰੁੱਖ ਖਾਵਦਾ ਪੱਤੇ,
ਰੋਦੀਂਆ ਨੇ ਸ਼ਾਖਵਾਂ,
ਕੁੱਖਾਂ ਨੇ ਹੀ ਵੱਡ ਵੱਡ
ਕੁੱਖਾਂ ਨੂ ਮਰਵਾਣਾ,

ਪੱਤਿਆ ਦਾ ਝੜਣਾ,
ਬੂਰ ਦਾ ਕਿਰਣਾ,
ਭਰੂਨ ਦਾ ਗਿਰਣਾ,
ਰੁੱਖ ਦਾ ਡਰਣਾ,
ਕੁੱਖਾਂ ਦਾ ਘਬਰਾਣਾ,
ਚੋਹ-ਰਸਤੇ ਤੇ ਭਰੂਨ ਦੇਖ ਕੇ,
ਕੰਮਬੀਆ ਚਾਰ ਦਿਸਾਵਾਂ,

ਕੀ ਕੁੱਖਾਂ
ਕੀ ਰੁੱਖਾਂ
ਕੀ ਮਾਵਾਂ
ਕੀ ਛਾਵਾਂ,
ਘੁੰਮਣ ਪਏ ਛਲੇਡੇ,

ਬਿਨ ਛਾਵਾਂ ਦੇ ਰੁੱਖ
ਬਿਨ ਪਰਛਾਵਿਓ ਮਾਵਾਂ
ਸੱਚ ਹੀ ਸਹਿਬ ਜੀ,
ਕੁੱਖਾਂ ਦਾ ਕੁਮਲਾਣਾ.
ਪ੍ਰਭ ਜੀ ਪਤਚੜ ਰੁੱਤ ਹੀ ਚੰਗੀ,
ਪੱਤਿਆ ਨੂ ਜੇਕਰ ਰੁੱਖਾਂ ਨੇ ਹੈ ਖਾਣਾ,
ਹਰਿ ਜੀ ਫ਼ੇਰ ਤਾ ਬਾਂਝ੍ਹ ਹੀ ਚੰਗੀ,
ਜੇ ਭਰੂਨ ਪਵੇ ਗਿਰਾਣਾ,

ਜਦ ਤੱਕ ਬੂਰ ਭਰੂਨ ਤੇ,
ਦੁਨਿਆ ਨੇ ਜੁਲਮ ਕਮਾਣਾ,
ਪ੍ਰੀਤਮ ਜੀ ਓਨੇ ਚਿਰ ਤਾਈ,
ਮੈ ਏਹੀਓ ਗੀਤ ਹੈ ਗਾਣਾ.
ਸਤਵੰਤ ਸਿੱਧੂ

ਮੋਹਬਤ


ਮੋਹਬਤ

ਅੱਖਿਆ ਚੋ ਵਗਦੇ ਨੇ
ਇਹਦੇ ਚਾਨਣ ਦੇ ਚੋਏ
ਜਿਹਦੇ ਵੱਲ ਝਾਤ ਮਾਰੇ
ਓਹਦੀ ਮਿੱਟੀ ਮੁਕਤ ਹੋਏ
ਫ਼ੁੱਟਦੀ ਹੈ ਮੱਥੇ ਚੋ
ਜੋਤ ਜਵਾਲਾ ਜੇਹੀ
ਨਾ ਚਕ੍ਰ ਚਿਹਨ ਕੋਈ
ਨਾ ਜਾਤ ਪਾਤ ਕੇਹੀ


ਨਾ ਛਿਲਯਰ ਛਈਆ ਕੋਈ
ਇਹ ਰਹਿਤ ਹੈ ਫ਼ੁਰਨੇ ਤੋ
ਨਾ ਮਨ ਦਾ ਕੂੜਾ ਕੋਈ
ਇਹ ਨਿਰਮਲ ਝਰਨੇ ਤੋ
ਇਹ ਬਰਫ਼ ਦੀ ਟੁਕੜੀ ਹੈ
ਡਰਦੀ ਨਾ ਖੁਰਨੇ ਤੋ


ਉੱਚੇ ਦਰ ਤੋ ਉੱਚੀ ਹੈ
ਜੋਗੀ ਤੋ ਸੁੱਚੀ ਹੈ
ਇਹ ਜੱਤ ਦਾ ਜੰਜੂ ਹੈ
ਇਹ ਮਨ ਦੀ ਸੁੰਨਤ ਹੈ
ਇਹ ਕਾਮ ਵਿਹੂਣੀ ਹੈ
ਇਹ ਨਬੀ ਰਸੂਲ ਹੈ
ਇਹ ਪਾਕ ਨੂਰ ਮੋਹਬਤ


ਜੋਤੀ ਜੋਤ ਹੋਈ ਸੂਰੀਏ
ਜਬ ਕਿਰਨ ਮਿਲੀ
ਸਾਗਰ ਜਾ ਬੂੰਦ ਰਲੀ
ਸਮਪੂਰਨ ਹੋ ਗਈ
ਗੁਰੂਆ ਦੇ ਅੰਗ ਲਗ ਕੇ
ਗੁਰੂ ਅੰਗਦ ਦੇਵ ਹੋਈ
ਭਾਈ ਲਹਿਣੇ ਦੀ
ਗੁਰੂ ਨਾਨਕ ਨਾਲ ਮੋਹਬਤ


ਸਿਰ ਉਤੇ ਸੋਚ ਨੇ
ਫ਼ੁਲਕਾਰੀ ਲਾਲ ਲਈ
ਜਜ਼ਬੇ ਨੇ ਪਗੜੀ ਤੇ
ਕਲਗੀ ਲਾ ਲਈ
ਹੋਠਾ ਤੇ ਨੁਹਾਰ ਫ਼ੁੱਟੀ
ਚੁਮਨਾ ਦੇ ਫ਼ੱਗਣ
ਰੁੱਤ ਓ ਜੋਬਨ ਸੀ
ਜਦੋ ਹੋਈ ਸੀ ਮੋਹਬਤ.

ਖੋਰੇ ਲੱਖ ਚੁਰਾਸੀ ਦੇ
ਆਵਾਗੌਨ ਚ ਭਟਕਾਗਾ
ਕੋਟ ਜਨਮ ਦੇ ਲਈ ਪੁੱਠਾ
ਗਰਭ ਚ ਲਟਕਾਗਾ
ਹੁਣ ਲੱਭੀ ਹੋਈ ਮੈ
ਗਵਾ ਬੈਠਾ ਮੋਹਬਤ.

ਸਤਵੰਤ ਸਿੱਧੂ
ਸਾਧ ਜਟਾਵਾਂ ਵਾਲਾ

ਸਾਡੀ ਰਾਤ ਗਮਾਂ ਦੀ ਮਹਿਰਮਾ

ਰਾਤ ਗਮਾਂ ਦੀ ਪ੍ਰੀਤਮਾ,
ਅੱਜ ਹੋ ਗਈ ਕਹਿਰ ਵਾਨ ਜੀ,
ਅਰਸ਼ੋ ਡਿੱਗਇਆ ਇਸ਼ਕ ਮੇਰਾ,
ਤੜਫ਼ ਰਿਹਾ ਅਸਮਾਨ ਜੀ,
ਬ੍ਰਹਿਮੰਡ ਅਸਾ ਨੁ ਜਾਪਦਾ,
ਹੋਏ ਜਿਓ ਸ਼ਮਮਾਨ ਜੀ,
ਤਾਰੇ ਕਾਫ਼ਲਾ ਲੈ ਕੇ,
ਆਏ ਭਰਨ ਮਕਾਣ ਜੀ,
ਏ ਬੱਦਲੀ ਚਿੱਟੇ ਰੰਗ ਦੀ,
ਜਿਓ ਕੱਫ਼ਨਾ ਦੇ ਥਾਣ ਜੀ,
ਬਿੰਡੇ ਹੇਕਾ ਲਾ ਲਾ ਕੇ,
ਗੀਤ ਹਿਜ਼ਰ ਦੇ ਗਾਊਣ ਜੀ
ਹੱਥ ਖੰਜਰ ਛੁਰੀਆ ਲੈ ਕੇ
ਯਾਦਾ ਦੇ ਆਏ ਤੁਫ਼ਾਨ ਜੀ,
ਕਿਸੇ ਵਫ਼ਾ ਮੇਰੀ ਦੇ ਮਹਿਰਮੋ,
ਮਾਰੀ ਕੱਡ ਕਿਰਪਾਨ ਜੀ,
ਜ਼ਖਮੀ ਹੈ ਚਿਹਰਾ ਸੋਚ ਦਾ,
ਹੋ ਗਈ ਲਹੂ ਲੋਹਾਨ ਜੀ,
ਦਰ ਦਰ ਥੋਕਰ ਖਾ ਕੇ,
ਸਾਡੀ ਆਸ ਲੱਗੀ ਪਥਰਾਣ ਜੀ
ਰਾਤ ਗਮਾਂ ਦੀ ਪ੍ਰੀਤਮਾ,
ਅੱਜ ਹੋ ਗਈ ਕਹਿਰਵਾਨ ਜੀ,

ਰਾਤ ਗਮਾਂ ਦੀ ਮਹਿਰਮਾ,
ਬਿਰਹੋ ਨੇ ਲਾਏ ਦੀਵਾਨ ਜੀ,
ਯਾਦਾ ਹੋ ਇੱਕਠੀਆ,
ਆਈਆ ਨਾਮ ਧਿਆਣ ਜੀ,
ਚਾਅ ਤੇ ਰੀਝਾਂ ਮੇਰੀਆ,
ਬੰਦ ਬੰਦ ਕਟਵਾਨ ਜੀ,
ਹੰਜੂਆ ਦੇ ਦੋ ਦੇਗ ਚੜੇ,
ਵਿੱਚ ਨੈਣ ਉਬਾਲਏ ਖਾਣ ਜੀ,
ਨਾ ਹੱਜ ਨਾ ਜਾਦੇ ਹਰਿਦਵਾਰ,
ਹੰਜੂਆ ਦੇ ਤਿਰਥ ਨਹਾਉਣ ਜੀ
ਦਰ ਬਿਰਹੋ ਦੇ ਪ੍ਰੀਤਮਾ,
ਜਿੰਦ ਲੱਗੀ ਸਿਦਕ ਕਮਾਉਣ ਜੀ,

ਰਾਤ ਗਮਾਂ ਦੀ ਮਹਿਰਮਾ,
ਅੱਜ ਹੋ ਗਈ ਹੈਵਾਨ ਜੀ,
ਏ ਇੰਦਰੇ ਜੋ ਲੋਭੀ ਵਾਸਨਾ ਦੇ
ਮੈਨੂੰ ਕਾਮ ਲਈ ਉਕਸਾਨ ਜੀ,
ਅਸਾਂ ਜੱਤ ਦਾ ਧੂਣਾ ਲਾ ਲਿਆ,
ਲੱਗੇ ਯੋਗ ਸਧਾਊਣ ਜੀ,
ਤੂੰ ਸਾਡੇ ਨਾਲ ਦਾ ਹੋ ਗਿਆ,
ਮੈਨੂੰ ਹਿਜ਼ੜੇ ਲੱਗੇ ਸਤਾਊਣ ਜੀ,
ਦਿੱਤਾ ਮੱਸਵਰਾ ਮੈੰਨੂ ਹਿਜ਼ੜੇ ਨੇ,
ਮੈ ਹੋਇਆ ਬਹੁਤ ਹੈਰਾਨ ਜੀ,
ਕੱਡ ਦੇਈਏ ਕਾਮ ਜੇ ਬੰਦੇ ਚੋ,
ਲ਼ੋਕੀ ਬੰਦੇ ਨੂ ਨਾ ਚਾਹਣ ਜੀ,
ਸੱਤ੍ਯੂੱਗ ਦੀ ਖੇਡ ਪਿਆਰ ਸੀ,
ਜਦੋ ਬੰਦਾ ਸੀ ਭਗਵਾਨ ਜੀ,
ਅਸੀ ਜਿੰਨੂ ਰੱਭ ਬਣਾਲੀਏ,
ਓਹ ਨਿਕਲੇ ਨਾ ਇਨਸਾਨ ਜੀ,
ਪਿਆਰ ਦਾ ਮੁਖੋਟਾ ਲਾ ਕੇ,
ਬੱਸ ਕਾਮ ਹੋਇਆ ਪ੍ਰਧਾਨ ਜੀ,

ਮਰ ਗਿਆ ਅਸਾਡਾ ਇਸ਼ਕੜਾ
ਮੈ ਲੱਗਾ ਇਹਨੂੰ ਦਫ਼ਨਾਨ ਜੀ,
ਸ਼ਬਦ ਮੇਰਿਆ ਗੀਤਾ ਦੇ,
ਮਰਿਆ ਦੇ ਅੰਗ ਚੁਰਾਣ ਜੀ,
ਇਸ ਦੁੱਖੋ ਮੈ ਸਿਵਾ ਫ਼ੁਕਿਆ,
ਇਹ ਖਾ ਗਏ ਕੱਡ ਮਸਾਣ ਜੀ,
ਅੱਜ ਲ਼ਾਸਾਂ ਵਰਗੇ ਗੀਤ ਹੋਏ,
ਇਹ ਕਾਗਜ ਕੱਬਰੀਸਤਾਨ ਜੀ.
ਰਾਤ ਗਮਾਂ ਦੀ ਮਹਿਰਮਾ
ਸਾਥੋ ਲੱਗੀ ਗੀਤ ਲਿਖਾਣ ਜੀ,

ਅੱਜ ਵਰ੍ਹੇਗਾਂਡ ਮੇਰੇ ਇਸ਼ਕ ਦੀ,
ਅਸੀ ਕੀਤਾ ਸੀ ਧਮਾਨ ਜੀ,
ਇੱਕ ਪੀੜ ਹਿਜਰ ਤੇਰਾ ਬਿਰਹੜਾ
ਪੱਕੇ ਬਣੇ ਪਏ ਪਕਵਾਨ ਜੀ
ਸੁਰ ਨਰ ਮੁਨ ਜਨ ਦੇਵਤੇ,
ਮੈ ਸੱਦੇ ਕੁੱਲ ਜਹਾਨ ਜੀ,
ਮੋਏ ਮਿੱਤਰ ਲੱਗ ਪਏ,
ਕਬਰਾ ਨੂ ਰੁਸਨਾਉਣ ਜੀ,
ਵਾਸੀ ਪ੍ਰੀਤ ਨਗਰ ਦੇ,
ਬੱਤਿਆ ਕਿਓ ਬੁਝਾਉਣ ਜੀ,
ਮੇਰੇ ਹਿੱਸੇ ਆ ਗਿਆ,
ਕੁੱਲ ਦੁਨਿਆ ਦਾ ਅਪਮਾਨ ਜੀ
ਜਨਮਦਿਹੜਾ ਇਸ਼ਕ ਦਾ,
ਲੱਗੇ ਬਰਸੀ ਵਾਂਗ ਮਨਾਊਣ ਜੀ
ਮੈ ਧਰਤੀ ਉੱਤੇ ਆ ਗਿਆ,
ਬੱਸ ਦਰਦ ਹੀ ਦਰਦ ਹੰਡਾਣ ਜੀ,
ਸਾਡੀ ਰਾਤ ਗਮਾਂ ਦੀ ਪ੍ਰੀਤਮਾ
ਸਾਡੀ ਰਾਤ ਗਮਾਂ ਦੀ ਮਹਿਰਮਾ



ਸਤਵੰਤ ਸਿੱਧੂ
ਸਾਧ ਜਟਾਵਾਂ ਵਾਲਾ

ਸਿਰ ਤੇ ਚਿੱਟਿਆ ਚੂੰਨਿਆ

ਸਿਰ ਤੇ ਚਿੱਟਿਆ ਚੂੰਨਿਆ ਲੈ ਕੇ
ਬਿਨ ਸੱਦਿਆ ਹੀ ਆ ਜਾਣ ਯਾਦਾਂ
ਪਿੱਤਰਾ ਦੀ ਸੱਥ੍ਹ ਚ ਕਰਾਂ ਵਿਚਾਰਾ
ਮੈ ਜੁਓਦੇ ਜੀਅ ਮਰਿਆ ਸਹਿਯਾਦਾ

ਨੰਗੀਆ ਹੋ ਹੋ ਨੱਚਣ ਪੀੜਾ
ਖੌਰੇ ਕੀਹਦਾ ਕੀ ਇਰਾਦਾ
ਖੋਲ ਜਟਾਵਾਂ ਜੱਤ ਪਿਆ ਖੇਡੇ
ਭਾਵੇ ਮਨ ਤੇ ਮੁਜਰਾ ਨੰਗਮ ਨਾਗਾ

ਲੱਜਿਆ ਦੀ ਚੇਚਕ ਕੇਹੀ ਫ਼ੈਲੀ
ਸੋਚ ਦਾ ਮੁੱਖ ਦਗੋਲਿਆ ਦਾਗਾ
ਚੰਨ ਤੋ ਵੱਡਾ ਦਾਗ ਵਫ਼ਾ ਤੇ
ਦੋਸ਼ ਮੇਰੇ ਸਿਰ ਮੰਦੜਿਆ ਭਾਗਾ

ਮਾਰ ਛੱੜ੍ਪੇ ਹੱਸਣ ਚੀਕਾ
ਮਲਾਹਰ ਵੰਜਲ ਸੱਭ ਵੇਰਾਗਾ
ਹੰਜੂਆ ਦੇ ਤੀਰਥ ਮਲ-ਮਲ ਨਾਤੇ
ਸਾਨੂੰ ਕੀ ਮੱਸਿਆ ਤੇ ਕੀ ਸੰਗਰਾਦਾ


ਤਾਵੀਤ ਇਸਕ ਦਾ ਟੋਟਾ ਟੋਟਾ
ਡੋਰਾ ਵਿਸਵਾਸ ਦਾ ਧਾਗਾ ਧਾਗਾ
ਜੁਉਦੇ ਜੀਅ ਹੋਇਆ ਖੇਰੂ ਖੇਰੂ
ਬਹਿਸਤੀ ਵਾਲਾ ਝੂਠਾ ਵਾਅਦਾ

ਉਮਰਾ ਦੇ ਕੰਡਿਆਲੀ ਜੰਗਲ
ਜੀਭ ਨੂੰ ਡੰਗਿਆ ਚੁੱਪ ਦੇ ਨਾਗਾਂ
ਸੁੰਨ ਸਮਾਧ ਲਾ ਆਸਾਣ ਬਹਿ ਗਈ
ਜਿੰਦੜੀ ਵਿੱਚ ਬਿਰਹੋ ਦੇ ਬਾਗਾ

ਗਮਾਂ ਦੇ ਸੱਥਰ ਕਿਸਮਤ ਸੁੱਤੀ
ਮੁੜ ਕਦੇ ਨਾ ਆਈਆ ਜਾਗਾਂ
ਰਾਤ ਹਿਜਰ ਦੀ ਤਾਰੇ ਭੂਨੇ
ਅੰਬਰ ਦੀ ਥਾਲੀ ਬਣੀ ਪਰਾਗਾ

ਕੁਰਬਲ ਕੁਰਬਲ ਚੀਸਾ ਹਿੱਕ ਵਿੱਚ
ਕਿਥੋ ਲੱਭਾ ਅਨਹਦ ਨਾਦਾਂ
ਪਿਰ ਦੇਖਣ ਦੀ ਤਾਂਗ ਨਾ
ਸਾਨੂੰ ਆ ਲੈ ਦੀਦੇ ਖਾ ਲੈ ਕਾਗਾ

 ਸਤਵੰਤ ਸਿੱਧੂ
ਸਾਧ ਜਟਾਵਾਂ ਵਾਲਾ

ਮੰਥਨ

ਮੈਨੂੰ ਆ ਗਿਆ ਚੇਤਾ ਤੇਰਾ
ਦਿਲ ਸਾਗਾਰ ਹੋਇਆ ਰੇਤਾ ਮੇਰਾ
ਪਾ ਗਮ੍ਹਾ ਦੇ ਨਾਗ ਦਾ ਨੇਤਰਾ
ਹੋਇਆ ਮੰਥਨ-ਏ-ਅਤੀਤ ਦਾ

ਸਬਦਾ ਨੇ ਜਹਿਰ ਪੀ ਲਿਆ
ਜਹਿਨ-ਏ-ਬਦਨੀਤ ਦਾ
ਸ਼ਿਵ ਜੀ ਤੋ ਨੀਲਾ ਹੋ ਗਿਆ
ਪਿੰਡਾ ਮੇਰੇ ਗੀਤ ਦਾ

ਹੂੰਦੀ ਵਸਲ ਦੀ ਭੌਣ ਮੰਜਰੀ
ਲੱਜਿਆ ਦੇ ਹਥ੍ਥ ਵਿੱਚ ਖੰਜਰੀ
ਯਾਦਾਂ ਚ ਘੂਮ ਦੀ ਕੰਜਰੀ
ਗਲ ਵੱਡਣ ਲਈ ਪ੍ਰੀਤ ਦਾ

ਜੁਗਾਂ ਤੋ ਵੇਦ ਕਿਤਾਬਾਂ ਵੀ
ਆਦਾਂ ਤੋ ਰਾਗ ਰਬਾਬਾਂ ਵੀ
ਹਾਣੀ ਗਮ੍ਹ ਦਾ ਸ਼ੋਰ ਸਰਾਬਾ ਵੀ
ਅਨਹਦ-ਏ-ਸੰਗੀਤ ਦਾ

ਦਿਲ ਜਿੱਤ ਕੇ ਨਾ ਜੱਗ ਜਿੱਤ ਪਾਇਆ
ਸਨਾਤਿ ਰੂਹ ਤੇ ਧ੍ਰਿਗ ਕਾਇਆ
ਉਪਦੇਸ ਨਾ ਗੂਰਾਂ ਦਾ ਮੰਨਿਆ
ਮਨ ਜੀਤੇ ਜੱਗ ਜੀਤ ਦਾ

ਨਾ ਕਰਨੀ ਪਈ ਆਤਮ ਹੱਤਿਆ
ਨਾ ਸੂਤ ਗਮ੍ਹ ਓਹਨਾ ਕੱਤਿਆ
ਜੋ ਹਿੱਸਾ ਬਣ ਕੇ ਤੂਰ
ਗਈਆ ਸਤੀ ਪ੍ਰਥਾ ਕੁਰੀਤ ਦਾ

ਫ਼ੜੇ ਭੋਲਾ ਆਸਿਕ ਪਰਛਾਵਾਂ
ਉਸ ਲੰਗੀ ਹੋਈ ਤਾਰੀਕ ਦਾ
ਵਿਸਵਾਸ਼ ਦਾ ਧਾਗਾਂ ਟੂੱਟ ਗਿਆ
ਇਸ਼ਕ-ਏ-ਤਾਵੀਤ ਦਾ

ਸਿਵਿਆ ਚ ਸੜਦਾ ਮੁਰਦਾ ਜਿਓ
ਕਬਰਾਂ ਚ ਹੱਡ ਖੁਰਦਾ ਜਿਓ
ਤੇਰੇ ਹਿਜਰ ਆਸਿਕ ਤੇਰਾ ਨੀ
ਅੰਦਰੋ ਅੰਦਰੀ ਬੀਤ ਦਾ


ਸਤਵੰਤ ਸਿੱਧੂ
ਸਾਧ ਜਟਾਵਾਂ ਵਾਲਾ

ਯਾਦਾਂ ਵਾਲੇ ਰੁੱਖ

ਯਾਦਾਂ ਵਾਲੇ ਰੁੱਖ ਨੂੰ ਪਾਏ
ਹੰਝੂਆ ਦੇ ਨਿੱਤਰੇ ਪਾਣੀ ਵੇ
ਪੀਲੇ ਹੋ ਹੋ ਝੜ ਗਏ ਪੱਤੇ
ਵਾਧਿਆ ਵਾਲੀ ਟਾਹਣੀ ਦੇ.

ਹਿੱਕ ਦੇ ਅੰਦਰ ਬਲਦੀ ਪਈ,
ਖਾਬਾ ਦੀ ਮੜੀ ਮਸਾਣੀ ਵੇ,
ਕਦੇ ਖਿੜਦੇ ਸੀ ਫ਼ੁੱਲ ਅਰਮਾਨੀ
ਅੱਜ ਧਰਤ ਦਿਲੀ ਸਮਸਾਣੀ ਵੇ,

ਹੁਣ ਤਾ ਹੋਠਾ ਮੇਰਿਆ ਨੇ
ਚੁੱਪ ਦੀ ਸੁਰਖੀ ਲਾਉਣੀ ਵੇ,
ਅੱਖੀਆ ਦੀ ਦਹਿਲੀਜ਼ ਅਸਾਂ
ਹੰਝੂਆ ਨਾਲ ਸਜਾਉਣੀ ਵੇ

ਜੋਬਨ ਦੀ ਹਿਜ਼ਰ ਤੇਰੇ ਦੇ ਸਦਕੇ
ਜੁਲਫ਼ ਜਟਾਵ ਬਨਾਉਣੀ ਵੇ
ਹਰ ਇੱਕ ਰੀਝ ਮੇਰੀ ਨੇ
ਜਿੰਦਗੀ ਵਿਧਵਾ ਵਾਗ ਲਗਾਉਣੀ ਵੇ.

ਸੰਗ ਗਮ ਦੇ ਸੋਰਸਰਾਬੇ
ਅਸਾਂ ਅਨਹਦ ਬਿਰਤੀ ਮਾਣੀ ਵੇ
ਸ੍ਵਾਸ ਗ੍ਰਾਸ ਹੀ ਵੱਸ ਗਈ
ਚੁੱਪ ਦੀ ਮੂਕ ਬਾਣੀ ਵੇ

ਜੁੱਠਾ ਟੁੱਕ ਹਿਜਰ ਦਾ ਖਾ
ਖੁਸੀਆ ਦੀ ਭੁੱਖ ਮਿਟਾਉਣੀ ਵੇ
ਲੈ ਚਰਨਾਮਤ ਚੁੱਲੂ ਹੰਜੂਆ ਦਾ
ਗਮ ਦੀ ਪਿਆਸ ਬੁਝਾਉਣੀ ਵੇ

ਸ਼ਗਨਾ ਦੀ ਰੱਤੀ ਚੁੰਨੀ ਦਾ
ਮੈ ਬੈਠੀ ਕੱਫ਼ਨ ਤਾਣੀ ਵੇ
ਤਨ ਦੀ ਚਾਦਰ ਹੰਡੀ ਵਰਤੀ
ਕਿਨੇ ਹੁਣ ਅਪਨਾਣੀ ਵੇ

ਮਨ ਬਨੇਰੇ ਉੱਤੇ ਰਹਿੰਦੀ
ਯਾਦਾਂ ਦੀ ਆਉਣੀ ਜਾਣੀ ਵੇ
ਪਾ ਬੈਠੀ ਰਹਿੰਦੀ ਔਂਸੀਆਂ
ਮੈਨੂੰ ਆਖਣ ਕਾਂਗ ਉਡਾਣੀ ਵੇ


ਅੱਡੀਆ ਚੁੱਕ ਲਿਆ ਇਸਕ ਦਾ ਫ਼ਾਹਾ
ਮੇਰੀ ਕੰਜਕ ਜਿੰਦ ਨਿਆਣੀ ਨੇ
ਵੇਖ ਕੇ ਹਸ਼ਰ ਮੋਹਬਤ ਦਾ
ਆਖੂ ਕੋਣ ਸਿਆਣੀ ਵੇ

ਮਨ ਦੇ ਮੰਦਰੀ ਕਲਸਾਂ ਉੱਤੇ
ਦੁੱਖਾਂ ਧੂੜ ਚੜਾਣੀ ਵੇ
ਤੇਰੇ ਵੀ ਸਾਹੀ ਰਲ ਗਏ ਹੋਕੇ
ਵੰਜਲੀ ਕਿੰਨੇ ਵਜਾਉਣੀ ਵੇ,

ਸਤਵੰਤ ਸਿੱਧੂ
ਸਾਧ ਜਟਾਵਾਂ ਵਾਲਾ